ਕਹਿੰਦੇ ਐ ਕਿ ਮੱਛੀ ਪੱਥਰ ਚੱਟ ਕੇ ਮੁੜਦੀ ਐ

 ਕਹਿੰਦੇ ਐ ਕਿ ਮੱਛੀ ਪੱਥਰ ਚੱਟ ਕੇ ਮੁੜਦੀ ਐ। ਪਹਿਲਾਂ ਲੋਕ ਗੁੜ ਘਰੋਂ ਕੱਢ ਕੇ ਖੰਡ ਤੇ ਆਗੇ ਤੇ ਹੁਣ ਸ਼ਹਿਰ 'ਚ ਉਹ ਹੋਟਲ ਤੇ ਜਾਂਦੇ ਐ ਜਿੱਥੇ ਗੁੜ ਦੀ ਚਾਹ ਬਣਦੀ ਹੋਵੇ। ਹੋਟਲਾਂ ਆਲਿਆਂ ਨੇ ਵੀ ਗੇਟ ਤੇ ਲਿਖ ਰੱਖਿਆ ਹੁੰਦੈ: ਸਪੈਸ਼ਲ ਗੁੜ ਦੀ ਚਾਹ।


ਪਹਿਲਾਂ ਦਰਵਾਜ਼ੇ ਢਾਹਤੇ। ਹੁਣ ਦੁਬਾਰੇ ਫੇਰ ਦਰਵਾਜਿਆਂ ਕੰਨੀ ਮੁੜਨ ਲਾਗੇ, ਓਹੀ ਪੁਰਾਣੇ ਡਿਜ਼ਾਈਨ।


ਵਿਹੜੇ ਜਮਾਂ ਪੱਕੇ ਕਰਕੇ ਮਿੱਟੀ ਤੋਂ ਖਹਿੜਾ ਛੁਡਾ ਲਿਆ। ਭੋਰਾ ਥਾਂ ਨੀ ਕੱਚਾ ਰਹਿਣ ਦਿੱਤਾ। ਅੱਜ Sohangarh Farmversity ਆਲੇ ਪੇਜ਼ ਤੇ ਇੱਕ ਵੀਡੀਓ ਦੇਖੀ। ਓਹਦੇ 'ਚ ਇੱਕ ਬਾਈ ਦੱਸ ਰਿਹੈ ਕਿ ਸਾਡੇ ਬੱਚਾ ਨੀ ਹੁੰਦਾ ਸੀ। ਤਿੰਨ ਡਾਕਟਰਾਂ ਨੇ ਲਿਖਕੇ ਦੇਤਾ ਕਿ IVF ਕਰਾਉਣਾ ਪਊ। ਫੇਰ ਦੇਹਰਾਦੂਨ ਦੀ ਇੱਕ ਡਾਕਟਰ ਰੌਨੀ ਬਾਂਸਲ ਮਿਲੀ, ਜੀਹਨੇ ਔਰਗੈਨਿਕ ਚੀਜ਼ਾਂ ਤੇ ਕੰਮ ਕੀਤਾ ਸੀ। ਉਹ ਕਹਿੰਦੀ ਕਿ ਕੱਪੜੇ ਲਾਹ ਕੇ ਧੁੱਪੇ ਬੈਠਿਆ ਕਰੋ, ਨਾਲੇ ਮਿੱਟੀ ਦੇ ਟੱਚ 'ਚ ਰਿਹਾ ਕਰੋ, ਨੰਗੇ ਪੈਰੀ ਤੁਰਿਆ ਕਰੋ, ਔਰਗੈਨਿਕ ਚੀਜ਼ਾਂ ਖਾਇਆ ਕਰੋ, ਮੁੰਡੇ ਨੂੰ ਕਹਿੰਦੀ ਕੁਛ ਜ਼ਮੀਨ ਵਿਹਲੀ ਕਰਕੇ ਆਵਦੇ ਦੋਸਤਾਂ ਨਾਲ ਓਥੇ ਘੁਲਿਆ ਕਰ। ਉਨ੍ਹਾਂ ਨੇ ਇਹ ਸਭ ਕੀਤਾ, ਕਿਧਰੇ ਗਿਆ IVF, ਬੱਚਾ ਹੋਗਿਆ।


ਤੁਸੀਂ ਦੇਖਲਿਓ ਫਾਸਟ ਫੂਡ ਆਲੇ ਪਾਸਿਓਂ ਵੀ ਜਨਤਾ ਮੁੜੂ ਇੱਕ ਦਿਨ।


ਘਰ ਬੈਠੇ ਭਾਰ ਘਟਾਓ ਆਲੇ ਇਸ਼ਤਿਹਾਰਾਂ ਨੂੰ ਛੱਡਕੇ ਫਿੱਟ ਰਹਿਣ ਵਾਸਤੇ ਇੱਕ ਦਿਨ ਗਰਾਊਂਡ ਆਲੇ ਪਾਸੇ ਹੋਣਾ ਪਊ।


ਅੱਧੀ ਰਾਤ ਤੱਕ ਫ਼ੋਨ ਚਲਾਉਣਾ ਛੱਡ ਕੇ ਪੰਛੀਆਂ ਨਾਲ ਸੌਣਾ ਤੇ ਪੰਛੀਆਂ ਨਾਲ ਜਾਗਣਾ ਪਊ।


ਜਿੰਨਾ ਮਰਜ਼ੀ ਏਸੀਆਂ 'ਚ ਬੈਠੇ ਰਹੋ, ਸਰੀਰ ਸੌਖਾ ਰੱਖਲੋ ਪਰ ਇੱਕ ਦਿਨ ਇਹ ਗੱਲ ਸਮਝ ਆਜੂ ਕਿ ਸਾਡੇ ਬਜ਼ੁਰਗ ਇਹ ਕਿਉਂ ਕਹਿੰਦੇ ਸੀ ਕਿ ਸਰੀਰ ਨੂੰ ਮੁੜ੍ਹਕਾ ਆਉਣਾ ਵੀ ਜਰੂਰੀ ਹੁੰਦੈ।


ਜਿੰਨਾ ਮਰਜੀ ਕੱਲੇ ਰਹਿਲੋ ਪਰ ਜਦੋਂ ਕਦੇ ਪੂਰੇ ਤਣਾਅ 'ਚ ਹੋਵੋਂ ਤਾਂ ਦੋਸਤਾਂ ਨਾਲ ਹੱਸ-ਖੇਡ ਕੇ ਦੇਖਿਓ, ਤਣਾਅ ਜਾ ਕਿਧਰੇ ਜਾਊ।


ਬੰਦਾ ਜਿੰਨੀ ਮਰਜ਼ੀ ਤਰੱਕੀ ਕਰਜੇ। ਜਿੰਨਾ ਮਰਜ਼ੀ ਅਡਵਾਂਸ ਹੋਜੇ। ਇੱਕ ਦਿਨ ਗੁਰਬਾਣੀ ਦੀ ਆਖੀ ਗੱਲ ਦਿਮਾਗ਼ 'ਚ ਹਥੌੜੇ ਅੰਗੂੰ ਵੱਜੂ :- ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ।।

Comments

Popular posts from this blog

ਚਪੇੜ