ਚਪੇੜ

 👆ਹਾਜ਼ਰ ਜੀ 🙌✍️

ਰਿਟਾਇਰਮੈਂਟ ਤੋਂ ਪਹਿਲਾਂ ਮੈਂ ਪਿੰਡ ਪੰਜ ਗਰਾਂਈਂ ਖੁਰਦ  ( ਮੋਗਾ ) ਚ ਪੜ੍ਹਾਉਂਦਾ ਸੀ । ਹੁਣ ਤਾਂ ਉਹ ਮਿਡਲ ਸਕੂਲ ਤੋਂ ਹਾਈ ਸਕੂਲ ਵੀ ਹੋ ਗਿਆ ਹੈ । 

ਮੇਰੇ ਦਫਤਰ ਦੇ ਸਾਹਮਣੇਂ ਮਿਡਲ ਕਲਾਸ ਦਾ ਰੂਮ ਜਿਸ ਵਿੱਚ ਹਿੰਦੀ ਟੀਚਰ ਮੈਡਮ ਸ਼ਕੁੰਤਲਾ ਦੇਵੀ ਜੀ ਪੜ੍ਹਾ ਰਹੇ ਸਨ । ਮੈਡਮ ਆਪਣੇ ਧਿਆਨ ਚ ਕਦੇ ਬੱਚਿਆਂ ਨੂੰ ਸੰਬੋਧਿਤ ਹੋ ਕੇ ਤੇ ਕਦੇ ਬਲੈਕ ਬੋਰਡ ਤੇ ਚਾਕ ਨਾਲ ਲਿਖਕੇ । ਉਨ੍ਹਾਂ ਦਾ ਸਾਰਾ ਧਿਆਨ ਪੜ੍ਹਾਉਣ ਵਿੱਚ ਹੀ ਸੀ । ਕਮਰੇ ਦੀ ਖੁੱਲੀਆਂ ਬਾਰੀਆਂ ਚੋਂ ਅਖੀਰਲੀ ਬਾਰੀ ਵੱਲ ਮੇਰਾ ਧਿਆਨ ਗਿਆ ਤਾਂ ਵੇਖਿਆ ਕਿ ਜਦ ਮੈਡਮ ਬਲੈਕ ਬੋਰਡ ਤੇ ਲਿਖਣ ਲੱਗਣ ਤਾਂ ਕਲਾਸ ਚੋਂ ਪਿਛਲੇ ਡੈਸਕ ਤੋਂ ਇਕ ਲੜਕਾ ਉਠਿਆ ਕਰੇ ਤੇ ਭੰਗੜਾ ਪਾਉਣ ਲੱਗ ਪਿਆ ਕਰੇ । ਆਸੇ ਪਾਸੇ ਬੈਠੇ ਬੱਚੇ ਮੂੰਹ ਤੇ ਹੱਥ ਰੱਖ ਹੱਸਣ ਲੱਗ ਪਿਆ ਕਰਨ ਸੋ ਜੀ ਉਸ ਮੈਡਮ ਦੇ ਸਾਰੇ ਪੀਰਡ ਚ ਇਸ ਤਰਾਂ ਦੀਆਂ ਹਰਕਤਾਂ ਹੀ ਕੀਤੀਆਂ ।

ਘੰਟੀ ਵੱਜੀ ਤਾਂ ਉਸ ਤੋਂ ਅਗਲਾ ਪੀਰਡ ਮੇਰਾ ਹੀ ਸੀ ।ਮੈਂ ਕਲਾਸ ਚ ਗਿਆ ਹਾਜ਼ਰ ਜੀ,ਹਾਜਰ ਜੀ ਕਹਿ ਕੇ ਹਾਜ਼ਰੀ ਲਗਵਾਈ ।ਪੜਾਉਣਾ ਸ਼ੁਰੂ ਕੀਤਾ । ਟਹਿਲ ਕਦਮੀਂ ਕਰਦੇ ਹੋਏ ਜਦ ਮੈਂ ਉਸ ਲੜਕੇ ਕੋਲ ਦੀ ਲੰਘਿਆ । ਮੈਂ ਘੁੰਮ ਕੇ ਵੇਖਿਆ ਉਸਨੇ ਭੰਗੜਾ ਸਟਾਇਲ ਬਾਹਾਂ ਉਪਰ ਹੀ ਕੀਤੀਆਂ ਸਨ । ਮੈਂ ਟਿਕਾ ਕੇ ਬੱਚੇ ਦੇ ਥੱਪੜ ਜੜ ਦਿੱਤਾ ਤੇ ਕਿਹਾ ਇਹ ਕੀ ਕਰ ਰਿਹਾਂ ਏਂ । ਕਲਾਸ ਦੀ ਤੌਹੀਨ ਕਿ ਟੀਚਰ ਦੀ .....

ਅਗਲੇ ਬੱਚਾ ਆਪਣੇਂ ਮਾਂ ਬਾਪ ਨੂੰ ਲੈ ਆਇਆ ਤੇ ਚਪੜਾਸੀ ਵੀ ਮੈਨੂੰ ਸੁਨੇਹਾਂ ਦੇ ਗਿਆ ਕਿ ਹੈਡ ਮਾਸਟਰ ਸਾਹਿਬ ਨੇਂ ਦਫਤਰ ਚ ਬੁਲਾਇਆ ਹੈ । ਬੱਚੇ ਦੇ ਮਾਂ ਬਾਪ ਨੂੰ ਰਿਸੈਪਸ਼ਨ ਕੋਲ ਰੋਕ ਕੇ ਬੱਚੇ ਦੀਆਂ ਹਰਕਤਾਂ ਬਾਰੇ ਦੱਸਿਆ । ਤੇ ਪੁੱਛਿਆ ਤੁਸੀਂ ਬੱਚੇ ਨੂੰ ਪੜਾਉਣਾ ਚਾਹੁੰਦੇ ਹੋ ਕੇ ਵਿਗਾੜਨਾ ਸੋ ਜੀ ਬੱਚੇ ਦੇ ਪਿਉ ਨੇਂ ਕਿਹਾ ਮਾਸਟਰ ਜੀ ਕੋਈ ਗੱਲ ਨਹੀਂ ।ਤੁਸੀਂ ਝਿੜਕ ਵੀ ਸਕਦੇ ਹੋ ,ਅਸੀਂ ਆਪਣੇਂ ਬੱਚੇ ਨੂੰ ਲੋਫਰ,ਅਵਾਰਾ,ਮਦਮਾਸ਼,ਨਸ਼ੇੜੀ ਨਹੀਂ ਬਣਾਉਣਾ ਬਲਕਿ ਹੋਣਹਾਰ ਬੱਚਿਆਂ ਵਾਂਗ ਬਣਾਉਣਾਂ ਚਾਹੁੰਦੇ ਹਾਂ ਜੀ ।

ਉਹੀ ਬੱਚਾ ਇਕ ਦਿਨ ਪੈਰੀਂ ਪ੍ਰਨਾਮ ਕਰਕੇ ਮਿਲਿਆ ਤੇ ਦੱਸਿਆ ਮਾਸਟਰ ਜੀ ਮੈਂ ਸਿੱਧਾ ਏ, ਐਸ,ਆਈ ਭਰਤੀ ਹੋਇਆ ਹਾਂ ।

ਇੰਨਾ ਸੁਣਕੇ ਪਿਆਰ ਸਤਿਕਾਰ ਨਾਲ ਮੇਰੇ ਅੱਖਾਂ ਚ ਹੰਝੂ ਆ ਗਏ।

          Ravinder Brar

Comments