ਤੀਸਰਾ ਯੁੱਧ

 ਤੀਸਰਾ ਯੁੱਧ 


ਪਾਰਖੂ ਆਂਹਦੇ ਨੇ

ਪਾਣੀ ਪੂਰਤੀ ਬਾਰੇ ਹੋਵੇਗਾ 

ਤੀਸਰਾ 

ਵਿਸ਼ਵ ਯੁੱਧ।

ਤੇ ਦੇਸ਼ਾਂ ਦੇ ਦੇਸ਼ ਹੋਣਗੇ 

ਆਹਵੇਂ ਸਾਹਵੇਂ 

ਤੇ ਰੁਲਣਗੀਆਂ ਆਬਰੂਆਂ 

ਜਾਣਗੀਆਂ ਅਥਾਹ 

ਬੇਸ਼-ਕੀਮਤੀ ਜਾਨਾਂ ।

ਉਹ ਨਹੀਂ ਭਾਂਪ ਸਕਦੇ

ਕਿ ਜਦ ਹੋਊ 

ਦੇਖੀ ਜਾਊ 

ਤੀਸਰਾ 

ਵਿਸ਼ਵ ਯੁੱਧ

ਪਾਣੀ ਲਈ।

ਓਹ ਨਹੀਂ ਵਿਚਰਦੇ

ਦਲਿਤ ਬਸਤੀਆਂ,

ਪੱਛੜੀਆਂ ਝੁੱਗੀਆਂ ਚ

ਗੈਰ ਮਾਨਵੀ ਵਰਤਾਰੇ

ਦੀਆਂ ਦਹਿਲੀਜ਼ਾਂ ਤੇ

ਜਿੱਥੇ ਔਰਤਾਂ ਹਰ ਰੋਜ਼ 

ਲੜਦੀਆਂ ਨੇ 

ਪਾਣੀ ਢੋਣ ਲਈ ਤੀਸਰਾ ਯੁੱਧ।

ਪਾਰਖੂ 

ਨਹੀਂ ਬਿਆਨ ਸਕਦੇ

ਕਿ ਚੌਧਰੀਆਂ ਦੇ

 ਨਿਆਈਂ ਵਾਲੇ ਖੂਹ

ਤੋਂ ਪਾਣੀ ਭਰਨ ਗਈਆਂ 

ਲਾਭੋ, ਭਾਗੀ,ਸੀਬੋ ਤੇ

ਕਰਤਾਰੋ ਵਰਗੀਆਂ

ਅਣ ਗਿਣਤ ਲਾਚਾਰ 

ਆਬਰੂਆਂ ਦੇ ਅੰਗਾਂ 

ਦੀ ਸਕੈਨ ਕਰਦੇ ਨੇ 

ਹਰ ਰੋਜ਼ ਟੇਢੀਆਂ ਅੱਖਾਂ ਨਾਲ,

ਢਿੱਡੋਂ ਰੱਜੇ 

ਕਾਮੋਂ ਭੁੱਖੇ

ਰਜਵਾੜੇ ।

ਪਾਰਖੂ

ਨਹੀਂ ਮਿਣ ਸਕਦੇ,

ਤੀਸਰੀ ਦੁਨੀਆਂ ਚ

ਤੀਸਰਾ ਯੁੱਧ ਲੜ ਰਹੇ

ਹਾਸ਼ੀਏ ਤੇ ਵਸਦੇ 

ਇਹਨਾਂ ਲੋਕਾਂ ਦੇ,

ਦੁੱਖ - ਦਲਿੱਦਰ ਤੇ ਮਜ਼ਬੂਰੀਆਂ।

ਓਹ ਕੀ ਜਾਨਣ ਕਿ

ਲੋਕਤੰਤਰ ਚ

 ਸਰਪੰਚ ਦੀ

ਸੱਥ ਚ ਲਾਈ 

ਸਾਂਝੀ ਮੋਟਰ ਤੋਂ

ਪਾਣੀ ਭਰਨਾ ਵੀ,

ਇਹਨਾਂ ਲਈ ਘੱਟ ਨਹੀਂ ਹੁੰਦਾ

ਕਿਸੇ ਵੀ ਮਰਨ ਨਾਲੋਂ

ਜਦ ਸੱਥ ਚ ਬੈਠੇ ਘੜੰਮ ਚੌਧਰੀ,

ਬੋਲਦੇ ਨੇ 

ਮੌਜਾਂ ਨੇ ਭਾਈ

ਮੁਫ਼ਤ ਪਾਣੀ,ਮੁਫ਼ਤ ਆਟਾ - ਦਾਲ,

ਤੇ ਮੁਫ਼ਤ ਸਭ ਕੁਝ।

ਕੀ ਦੱਸੇ ਬੋਲ ਕੇ

ਓਹ ਬੜਾ ਚੁਭਦੇ ਨੇ 

ਨੀਲੇ ਕੋਟ ਵਾਲੇ

ਦਲਿਤਾਂ ਦੇ ਭੰਤੂ ਨੂੰ

ਜਦ ਆਪਣੇ ਹਿੱਸੇ ਆਈਆਂ

ਸਬਸਿਡੀਆਂ ਤੇ 

ਸਰਕਾਰੀ

ਕਰਜ਼ ਮੁਆਫੀਆਂ ਨੂੰ 

ਮੋਟੀਆਂ ਐਨਕਾਂ ਹੇਠ ਲੁਕਾ ਲੈਂਦੀ ਹੈ 

ਇਹ ਵਿਹਲੜ ਫੌਜ।

ਪਾਰਖੂ 

ਨਹੀਂ ਨਾਪ ਸਕਦੇ

ਤੀਸਰਾ ਯੁੱਧ ਲੜ

ਰਹੇ ਲੋਕਾਂ ਦੇ ਫੱਟਾਂ ਦੀ ਘਣਤਾ

ਕਿ 

ਹਰ ਰੋਜ਼ ਪਾਣੀ - ਪੂਰਤੀ ਲਈ

ਪਤਾ ਨਹੀਂ ਕਿੰਨੇ ਕੁ

ਬੋਲ ਕਬੋਲ ਸਹਿਣੇ ਪੈਂਦੇ ਨੇ,

ਇਹ ਤਾਅਨੇ ਮਿਹਣੇ 

ਜਾਣੋ ਕਿਸੇ ਬੰਬਾਰੀ ਤੋਂ

ਘੱਟ ਨਹੀਂ ਹੁੰਦੇ

ਤੀਸਰਾ ਯੁੱਧ ਲੜ ਰਹੇ

ਲੋਕਾਂ ਦੇ

ਸਵੈ ਮਾਣ ਨੂੰ ਕੁਚਲਣ ਲਈ।

Comments

Popular posts from this blog

ਚਪੇੜ