ਗ਼ਜ਼ਲ

 ਹਨੇਰੀ ਕੁਫ਼ਰ ਦੀ ਅੱਗੇ,     ਜਮਾ ਕੇ ਪੈਰ ਖੜ੍ਹਦਾ ਹੈ। 

ਕਿ  ਬੰਦਾ ਬੋਹੜ ਦੇ ਵਰਗਾ,ਸਦਾ ਬੇਖੌਫ ਲੜਦਾ ਹੈ। 


ਜੋ ਕੁਦਰਤ ਖੇਡਦੀ ਖੇਡਾਂ,ਉਹ ਸਮਝੋਂ ਬਾਹਰ ਨੇ ਸਾਡੇ,

ਨਵੇਂ ਪੱਤੇ ਦੀ ਆਮਦ ‘ਤੇ ਪੁਰਾਣਾ ਆਪ ਝੜਦਾ ਹੈ। 


ਜਿਨ੍ਹਾਂ ਅਰਦਾਸ ਦੇ ਅਰਥਾਂ ਨੂੰ ਰੂਹ ਤੋਂ ਸਿਮਰਿਆ ਹੀ ਨਈਂ

ਉਨ੍ਹਾਂ ਭਾਣੇ ਤਾਂ ‘ਲਛਮਣ ਸਿੰਘ’ ਬਿਨ ਗੱਲੋਂ ਹੀ ਸੜਦਾ ਹੈ।  


ਅਦਾ ਧਰਤੀ ਦੀ ਕੋਈ ਏਸ ਦੇ ਅੰਦਰ ਨੂੰ ਟੁੰਬਦੀ ਏ, 

ਸਵੇਰੇ ਰੋਜ਼ ਸੁੱਚੇ ਮੂੰਹ ਹੀ   ਸੂਰਜ ਆਣ ਚੜ੍ਹਦਾ ਹੈ।  


ਮੈਂ ਜਿਸ ਨੂੰ ਪੌੜੀਆਂ ਬਣ ਕੇ,ਚੜ੍ਹਾਇਆ ਅੰਬਰਾਂ ਉੱਤੇ,

ਉਚਾਈ ਤੋਂ ਡਰੇ ਹੁਣ,   ਦੋਸ਼ ਵੀ ਮੇਰੇ ‘ਤੇ ਮੜ੍ਹਦਾ ਹੈ।  


ਕਿਵੇਂ ਕੋਈ ਕੈਦ ਕਰ ਸਕਦਾ ਉਹਦੇ ਉਡਦੇ ਖਿਆਲਾਂ ਨੂੰ,

‘ਅਮਨ’ ਤਾਂ ਪੌਣ ਦੇ ਵਿੱਚ ਤੈਰਦੇ ਜੋ ਸ਼ਬਦ ਫੜਦਾ ਹੈ।  


ਅਮਨਦੀਪ ਸਿੰਘ ਅਮਨ 

ਗਲਾਸਗੋ

Comments

Popular posts from this blog

ਚਪੇੜ