ਸਮਾਂ ਜਦ ਰੰਗ ਵਿਖਾਵੇ
ਇਹ ਖੋਟੇ ਕਰ ਦੇਵੇ
ਤੂਤ ਦੇ ਮੋਛਿਆਂ ਦੇ ਵੀ
ਟੋਟੇ ਟੋਟੇ ਕਰ ਦੇਵੇ
ਕਿਹੜਾ ਫੜ੍ਹੇ ਏਸਦੀ ਵਾਗ
ਕਿਸੇ ਦੇ ਹੱਥ ਨਾ ਆਵੇ
ਕਰ ਦੇਵੇ ਰੰਗੋਂ ਬਦਰੰਗ
ਸਮਾਂ ਜਦੋਂ ਰੰਗ ਵਿਖਾਵੇ
ਇਹ ਕਰਦੈ ਕੱਖੋਂ ਲੱਖ
ਤੇ ਲੱਖੋਂ ਕੱਖ ਬਣਾ ਦੇਵੇ
ਮਾਰੇ ਨਾ ਲੱਤ ਮਾਰਦੈ ਮੱਤ
ਸਿਆਣਪਾਂ ਪੜ੍ਹਨੇ ਪਾ ਦੇਵੇ
ਰਹਿਬਰ ਵੀ ਪੈਣ ਕੁਰਾਹੇ
ਚੌਰਾਹੇ ਜਦ ਵਕਤ ਖੜ੍ਹਾਵੇ
ਕਰ ਦੇਵੇ ਰੰਗੋਂ ਬਦਰੰਗ
ਸਮਾਂ ਜਦ ਰੰਗ ਵਿਖਾਵੇ
ਕਦੇ ਰਾਜਿਓਂ ਕਰਦੈ ਰੰਕ
ਰੰਕ ਨੂੰ ਰਾਜ ਦਿਵਾ ਦਿੰਦੈ
ਹੰਕਾਰ ਨੂੰ ਪਾਕੇ ਮਾਰ
ਅਸਲ ਔਕਾਤ ਵਿਖਾ ਦਿੰਦੈ
ਕਦੇ ਹੀਰੇ ਮਿੱਟੀ ਰੋਲਦੈ
ਕੌਡੀ ਦੀ ਕਦੇ ਕਦਰ ਪਵਾਵੇ
ਕਰ ਦੇਵੇ ਰੰਗੋਂ ਬਦਰੰਗ
ਸਮਾਂ ਜਦ ਰੰਗ ਵਿਖਾਵੇ
ਨਾ ਸਦਾ ਇੱਕੋ ਜਿਹਾ ਰਹਿੰਦਾ
ਇਹ ਰੂਪ ਵਟਾ ਜਾਂਦੈ
ਕੋਈ ਕਿੰਨੀ ਕਰਲੇ ਕੋਸ਼ਿਸ਼
ਇਹ ਕੰਨੀ ਖਿਸਕਾ ਜਾਂਦੈ
ਕੇਰਾਂ ਲੰਘਿਆ ਇਹ ਕੁਲਵਿੰਦਰਾ
ਫੇਰ ਨਾ ਮੁੜਕੇ ਆਵੇ
ਕਰ ਦੇਵੇ ਰੰਗੋਂ ਬਦਰੰਗ
ਸਮਾਂ ਜਦ ਰੰਗ ਵਿਖਾਵੇ
ਕੁਲਵਿੰਦਰ ਸਿੱਧੂ ਕਾਮੇ ਕਾ
Comments
Post a Comment