ਹਾਰ ਨਾ ਹਿੰਮਤ ਕਦੇ ਤੁਰ ਜ਼ਿੰਦਗੀ ਦੇ ਨਾਲ਼ ਨਾਲ਼

 ਗ਼ਜ਼ਲ/غزل


ਹਾਰ ਨਾ ਹਿੰਮਤ ਕਦੇ ਤੁਰ ਜ਼ਿੰਦਗੀ ਦੇ ਨਾਲ਼ ਨਾਲ਼ l

ਗ਼ਮ ਸਦਾ ਚਲਦਾ ਹੀ ਰਹਿਣੈ ਹਰ ਖੁਸ਼ੀ ਦੇ ਨਾਲ਼ ਨਾਲ਼।

ہار نہ ہمت کدے تُر زندگی دے نال نال 

غم سدا چلدا ہی رہنے ہر خوشی دے نال نال


ਹਰ ਚਮਕਦੀ ਚੀਜ਼ ਸੋਨਾ ਤੇ ਨਹੀਂ ਹੁੰਦੀ ਜਨਾਬ,

ਸੜ ਗਏ ਲੱਖਾਂ ਪਤੰਗੇ ਰੌਸ਼ਨੀ ਦੇ ਨਾਲ਼ ਨਾਲ਼l

ہر چمکدی چیز سونا تے نہیں ہُندی جناب،

سڑ گئے لکھاں پتنگے روشنی دے نال نال


ਬਸ ਉਹਦਾ ਦੀਦਾਰ ਦੇ ਜਾਂਦਾ ਮੇਰੀ ਰੂਹ ਨੂੰ ਸੁਕੂਨ,

ਤੇ ਮੇਰੇ ਸਾਹ ਚੱਲ ਰਹੇ ਉਹਦੀ ਹਸੀ ਦੇ ਨਾਲ਼ ਨਾਲ਼ l

بس اوہدا دیدار دے جاندا میری روح نُوں سکون،

تے میرے ساہ چل رہے اوہدی ہسی دے نال نال


ਮਿੱਠੀਆਂ ਗੱਲਾਂ ਨੇ ਤੇਰਾ ਢਿੱਡ ਨਹੀਂ ਭਰਨਾ ਹਜ਼ੂਰ,

ਚਾਰ ਪੈਸੇ ਹਨ ਜ਼ਰੂਰੀ ਆਸ਼ਕੀ ਦੇ ਨਾਲ਼ ਨਾਲ਼ l

مِٹھیاں گلاں نے تیرا ڈھڈ نہیں بھرنا حضور،

چار پیسے ہن ضروری عاشقی دے نال نال


ਦਿਲ ਨੇ ਤੇਰੇ ਹਰ ਜ਼ੁਲਮ ਨੂੰ ਹੱਸ ਕੇ ਕੀਤਾ ਹੈ ਕੁਬੂਲ,

ਪਿਆਰ ਵੀ ਇਹ ਮੰਗਦਾ ਹੈ ਬੇਰੁਖੀ ਦੇ ਨਾਲ਼ ਨਾਲ਼।

دل نے تیرے ہر ظلم نُوں ہس کے کیتا ہے قبول،

پیار وی ایہ منگدا ہے بے رُخی دے نال نال


ਇੱਕ ਅਨੋਖੇ ਕੰਮ ਵਿੱਚ ਉਹਨੂੰ ਮੁਹਾਰਤ ਹੈ ਜ਼ਰੂਰ,

ਉਹ ਚਲਾਕੀ ਜਾਣਦਾ ਹੈ ਸਾਦਗੀ ਦੇ ਨਾਲ਼ ਨਾਲ਼ l

اِکّ انوکھے کم وِچ اوہنوں مہارت ہے ضرور،

اوہ چلاکی جاݨدا ہے سادگی دے نال نال


ਦੋਗਲੇ ਬੰਦੇ ਦੀ 'ਜਿੰਦਰ' ਇੱਕ ਹੀ ਹੁੰਦੀ ਪਛਾਣ,

ਦੁਸ਼ਮਣੀ ਵੀ ਉਹ ਨਿਭਾਵੇ ਦੋਸਤੀ ਦੇ ਨਾਲ਼ ਨਾਲ਼ l

دوغلے بندے دی ’جندر‘ اِکّ ہی ہُندی پچھان،

دشمنی وی اوہ نبھاوے دوستی دے نال نال


ਪਰਜਿੰਦਰ ਕੌਰ ਕਲੇਰ/شاعری: پرجندر کور کلیر


ਪੰਜਾਬੀ ਤੋਂ ਸ਼ਾਹਮੁਖੀ ਲਿਪੀਅੰਤਰਨ - Atif Shah

Comments

Popular posts from this blog

ਚਪੇੜ